ਚੰਡੀਗੜ੍ਹ: ਕੜਾਕੇ ਦੀ ਗਰਮੀ ਦੌਰਾਨ ਭਾਵੇਂ ਸੂਬੇ ‘ਚ ਕਈ ਥਾਵਾਂ ‘ਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਪਰ ਕੜਾਕੇ ਦੀ ਗਰਮੀ ਕਾਰਨ ਲੋਕ ਅਜੇ ਵੀ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਸੂਬੇ ‘ਚ ਮੀਂਹ ਤੋਂ ਬਾਅਦ ਤਾਪਮਾਨ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਦੀ ਚੇਤਾਵਨੀ ਦਿੱਤੀ ਹੈ ਅਤੇ ਸਾਵਧਾਨ ਰਹਿਣ ਲਈ ਕਿਹਾ ਹੈ। ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ‘ਚ 31 ਜੁਲਾਈ ਅਤੇ 1 ਅਗਸਤ ਨੂੰ ਭਾਰੀ ਮੀਂਹ ਦਾ ਸੰਤਰੀ ਅਲਰਟ ਹੈ, ਜਦਕਿ 2 ਅਗਸਤ ਨੂੰ ਯੈਲੋ ਅਲਰਟ ਹੋਵੇਗਾ। ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਾਰਿਸ਼ ਰਾਹਤ ਦੇ ਤੌਰ ‘ਤੇ ਆ ਰਹੀ ਹੈ।
ਪੰਜਾਬ ‘ਚ ਮੰਗਲਵਾਰ ਸਵੇਰ ਤੋਂ ਹੀ ਹੁੰਮਸ ਭਰੀ ਗਰਮੀ ਜਾਰੀ ਰਹੀ ਪਰ ਬਾਅਦ ਦੁਪਹਿਰ ਮੀਂਹ ਪੈਣ ਕਾਰਨ ਮੌਸਮ ‘ਚ ਹਲਕੀ ਤਬਦੀਲੀ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਰਾਜਧਾਨੀ ਚੰਡੀਗੜ੍ਹ ‘ਚ 30 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਪਟਿਆਲਾ ‘ਚ 4 ਮਿਲੀਮੀਟਰ, ਮੋਗਾ ‘ਚ 2 ਮਿਲੀਮੀਟਰ, ਪਠਾਨਕੋਟ, ਫਤਿਹਗੜ੍ਹ ਸਾਹਿਬ ‘ਚ 7.2 ਮਿਲੀਮੀਟਰ ਅਤੇ ਰੋਪੜ ‘ਚ ਡੇਢ ਮਿਲੀਮੀਟਰ ਬਾਰਿਸ਼ ਹੋਈ।