ਨਵੀਂ ਮੁੰਬਈ ‘ਚ ਸ਼ਨੀਵਾਰ ਨੂੰ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਕਈ ਲੋਕ ਫਸ ਗਏ। ਇਹ ਘਟਨਾ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਸ਼ ਦੇ ਦੌਰਾਨ ਸ਼ਾਹਬਾਜ਼ ਪਿੰਡ ਵਿੱਚ ਵਾਪਰੀ। ਪੁਲਸ, ਫਾਇਰ ਬ੍ਰਿਗੇਡ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਸਨ ਅਤੇ ਢਹਿ-ਢੇਰੀ ਹੋਈ ਇਮਾਰਤ ਦੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਵੇਰਵਿਆਂ ਅਨੁਸਾਰ ਇਮਾਰਤ ਵਿੱਚ 24 ਪਰਿਵਾਰ ਰਹਿੰਦੇ ਸਨ। ਨਵੀਂ ਮੁੰਬਈ ਨਗਰ ਨਿਗਮ ਦੇ ਕਮਿਸ਼ਨਰ ਕੈਲਾਸ਼ ਸ਼ਿੰਦੇ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਇਮਾਰਤ ਅੱਜ ਸਵੇਰੇ 5 ਵਜੇ ਦੇ ਕਰੀਬ ਢਹਿ ਗਈ।
ਉਨ੍ਹਾਂ ਇਹ ਵੀ ਕਿਹਾ ਕਿ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ ਕਈਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸ਼ਿੰਦੇ ਨੇ ਮੀਡੀਆ ਨੂੰ ਦੱਸਿਆ, “ਇਮਾਰਤ ਸਵੇਰੇ 5 ਵਜੇ ਦੇ ਕਰੀਬ ਢਹਿ ਗਈ। ਇਹ ਜੀ+3 ਇਮਾਰਤ ਹੈ। ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਦੋ ਦੇ ਫਸੇ ਹੋਣ ਦੀ ਸੰਭਾਵਨਾ ਹੈ। ਐਨਡੀਆਰਐਫ ਦੀ ਟੀਮ ਇੱਥੇ ਹੈ, ਬਚਾਅ ਕਾਰਜ ਜਾਰੀ ਹਨ।”