ਪੰਜਾਬ ਦੇ ਪਟਿਆਲਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਸਿਗਰਟ ਦੇ ਧੂੰਏਂ ਦਾ ਵਿਰੋਧ ਕਰਨ ‘ਤੇ 17 ਸਾਲਾ ਲੜਕੇ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਪਟਿਆਲਾ ਦੇ ਪਿੰਡ ਉਂਟਸਰ ਦੇ ਰਹਿਣ ਵਾਲੇ ਗੁਰਧਿਆਨ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਨੇ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਭਰਾ ਸਾਹਿਲ ਆਪਣੇ ਗੁਆਂਢੀ ਸੁਖਵਿੰਦਰ ਸਿੰਘ ਨਾਲ ਪਿੰਡ ਉਂਟਸਰ ਸਥਿਤ ਆਪਣੇ ਦੋਸਤ ਹਰਸ਼ ਦੇ ਘਰ ਮਾਤਾ ਕੀ ਚੌਂਕੀ ਗਿਆ ਸੀ। ਜਦੋਂ ਉਹ ਰਾਤ ਕਰੀਬ 2 ਵਜੇ ਆਪਣੇ ਦੋਸਤ ਦੇ ਘਰ ਦੇ ਬਾਹਰ ਬਾਥਰੂਮ ਵਰਤਣ ਗਿਆ ਤਾਂ ਉਥੇ ਮੁਲਜ਼ਮ ਸਿਗਰਟ ਪੀ ਰਿਹਾ ਸੀ। ਜਿਸ ਤੋਂ ਬਾਅਦ ਦੋਸ਼ੀ ਨੇ ਸਾਹਿਲ ਦੇ ਮੂੰਹ ‘ਤੇ ਸਿਗਰਟ ਦਾ ਧੂੰਆਂ ਛੱਡ ਦਿੱਤਾ, ਜਦੋਂ ਸਾਹਿਲ ਬੋਲਿਆ ਤਾਂ ਦੋਸ਼ੀ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੱਥੋਪਾਈ ਹੋ ਗਈ।
ਦੋਵਾਂ ਨੂੰ ਆਪਸ ‘ਚ ਜੂਝਦੇ ਦੇਖ ਸਾਹਿਲ ਦੇ ਦੋਸਤਾਂ ਹਰਸ਼ ਅਤੇ ਸੁਖਵਿੰਦਰ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਮੁਲਜ਼ਮ ਨੇ ਜੇਬ ‘ਚੋਂ ਚਾਕੂ ਕੱਢ ਕੇ ਸਾਹਿਲ ਦੇ ਖੱਬੇ ਪੱਟ ‘ਤੇ ਅਤੇ ਸੱਜੇ ਪਾਸੇ ਛਾਤੀ ‘ਤੇ ਵਾਰ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਸਾਹਿਲ ਦੇ ਦੋਸਤ ਉਸ ਨੂੰ ਮੋਟਰਸਾਈਕਲ ‘ਤੇ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਉਹ ਫਰਾਰ ਮੁਲਜ਼ਮਾਂ ਦੀ ਭਾਲ ਵਿੱਚ ਜੁਟੇ ਹੋਏ ਹਨ ਅਤੇ ਟੀਮਾਂ ਬਣਾ ਕੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।