ਆਪਣੇ ਸਹੁਰਿਆਂ ਤੋਂ ਤੰਗ ਆ ਕੇ ਆਸਟ੍ਰੇਲੀਆ ਤੋਂ ਵਾਪਸ ਪਰਤੇ ਇਕ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਕਤ ਵਿਅਕਤੀ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਮੌਤ ਲਈ ਆਪਣੇ ਸਹੁਰੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ‘ਤੇ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਵਲ ਲਾਈਨ ਦੀ ਪੁਲਸ ਕਾਰਵਾਈ ਕਰ ਰਹੀ ਹੈ ।
ਪਰਮਜੀਤ ਕੌਰ ਪਿੰਡ ਨੀਲ ਖੁਰਦ ਨੇ ਦੱਸਿਆ ਕਿ ਉਸ ਦੇ 34 ਸਾਲਾ ਲੜਕੇ ਗੁਰਪ੍ਰੀਤ ਸਿੰਘ ਦਾ ਵਿਆਹ 2012 ਵਿੱਚ ਕਿਰਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਪੁਰੀਆਂ ਕਲਾਂ ਨਾਲ ਹੋਇਆ ਸੀ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨੂੰ 2013 ‘ਚ ਆਸਟ੍ਰੇਲੀਆ ਲੈ ਗਿਆ ਅਤੇ ਉੱਥੇ ਉਨ੍ਹਾਂ ਦੀ ਬੇਟੀ ਨੇ ਜਨਮ ਲਿਆ। ਪਰ ਸੱਤ ਸਾਲ ਰਹਿਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਵਾਪਸ ਪਿੰਡ ਆ ਗਿਆ।
ਪਿੰਡ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ। ਇਸ ਦੌਰਾਨ ਗੁਰਪ੍ਰੀਤ ਸਿੰਘ ਦੀ ਆਪਣੇ ਜੀਜਾ ਅੰਮ੍ਰਿਤਪਾਲ ਸਿੰਘ ਨਾਲ ਝਗੜਾ ਹੋ ਗਿਆ। ਉਦੋਂ ਤੋਂ ਹੀ ਗੁਰਪ੍ਰੀਤ ਨੂੰ ਸਹੁਰੇ ਵਾਲੇ ਤੰਗ ਪ੍ਰੇਸ਼ਾਨ ਕਰਨ ਲੱਗੇ। ਇਸ ਕਾਰਨ ਕਿਰਨਦੀਪ ਕੌਰ ਨੇ ਗੁਰਪ੍ਰੀਤ ਖਿਲਾਫ ਕਈ ਕੇਸ ਦਰਜ ਕਰਵਾਏ। ਹਾਲਾਂਕਿ ਗੁਰਪ੍ਰੀਤ ਵਲੋਂ ਕਿਰਨਦੀਪ ਕੌਰ ਦੇ ਖਿਲਾਫ ਵੀ ਕੇਸ ਕੀਤਾ ਗਿਆ ਸੀ। ਇਸ ਦੇ ਬਾਵਜੂਦ ਸਹੁਰਾ ਪਰਿਵਾਰ ਪੁਲੀਸ ਕੋਲ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਗੁਰਪ੍ਰੀਤ ਸਿੰਘ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ। ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਵੀਰਵਾਰ ਰਾਤ ਨੂੰ ਆਪਣੇ ਘਰ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਤੋਂ ਬਾਅਦ ਉਸਦੀ ਹਾਲਤ ਨਾਜ਼ੁਕ ਹੋ ਗਈ ਅਤੇ ਉਸਨੂੰ ਇਲਾਜ ਲਈ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਗੁਰਪ੍ਰੀਤ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ।