ਲੱਦਾਖ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਮੌਕੇ ਅੱਜ ਲੱਦਾਖ ਪਹੁੰਚ ਗਏ ਹਨ। ਇਸ ਦੌਰਾਨ ਉਹ ਸਵੇਰੇ ਦਰਾਸ ਸਥਿਤ ਕਾਰਗਿਲ ਜੰਗੀ ਯਾਦਗਾਰ ‘ਤੇ ਪੁੱਜੇ ਅਤੇ ਕਾਰਗਿਲ ਯੁੱਧ ‘ਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਿੰਕੁਨ ਲਾ ਟਨਲ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਜਾਣਕਾਰੀ ਅਨੁਸਾਰ ਪੀ.ਐਮ. ਮੋਦੀ ਨੇ ਅਸਲ ਵਿੱਚ ਸ਼ਿੰਕੁਨ ਲਾ ਸੁਰੰਗ ਪ੍ਰੋਜੈਕਟ ਲਈ ਪਹਿਲਾ ਧਮਾਕਾ ਕੀਤਾ। ਇਸ ਤੋਂ ਬਾਅਦ ਸੁਰੰਗ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਮਾਗਮ ਦੌਰਾਨ ਪੀ.ਐਮ. ਮੋਦੀ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਤਿੰਨੋਂ ਸੈਨਾ ਮੁਖੀ ਵੀ ਮੌਜੂਦ ਸਨ।
ਸ਼ਿੰਕੁਨ ਲਾ ਸੁਰੰਗ ਕੀ ਹੈ?
ਸ਼ਿੰਕੁਨ ਲਾ ਸੁਰੰਗ 4.1 ਕਿਲੋਮੀਟਰ ਲੰਬੀ ਜੁੜਵਾਂ-ਟਿਊਬ ਸੁਰੰਗ ਹੈ। ਇਸ ਦੀ ਉਚਾਈ ਲਗਭਗ 15,800 ਫੁੱਟ ਹੈ। ਇਸ ਸੁਰੰਗ ਵਿੱਚ ਹਰ 500 ਮੀਟਰ ਉੱਤੇ ਇੱਕ ਕਰਾਸ ਰੋਡ ਬਣਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਸੁਰੰਗ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ। ਇਸ ਦਾ ਨਿਰਮਾਣ ਨਾ ਸਿਰਫ ਦੇਸ਼ ਦੇ ਹਥਿਆਰਬੰਦ ਬਲਾਂ ਅਤੇ ਉਪਕਰਨਾਂ ਦੀ ਤੇਜ਼ ਗਤੀ ਨੂੰ ਯਕੀਨੀ ਬਣਾਏਗਾ, ਸਗੋਂ ਲੱਦਾਖ ਵਿੱਚ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਉਤਸ਼ਾਹਿਤ ਕਰੇਗਾ। ਇਸ ਤੋਂ ਇਲਾਵਾ ਇਹ ਸੁਰੰਗ ਫਾਇਰ ਬ੍ਰਿਗੇਡ, ਸੰਚਾਰ ਪ੍ਰਣਾਲੀ ਆਦਿ ਸਹੂਲਤਾਂ ਨਾਲ ਲੈਸ ਹੋਵੇਗੀ।