ਬੀਤੇ ਦਿਨ ਹੋਈ ਬਾਰਿਸ਼ ਤੋਂ ਬਾਅਦ ਮਹਾਨਗਰ ਦੇ ਤਾਪਮਾਨ ਵਿੱਚ 4-5 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪਰ ਉਕਤ ਰਾਹਤ ਹੁਣ ਖਤਮ ਹੁੰਦੀ ਨਜ਼ਰ ਆ ਰਹੀ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿਚ ਫਿਰ ਤੋਂ ਮੁਸੀਬਤ ਦਾ ਕਾਰਨ ਬਣਨ ਜਾ ਰਹੀ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ 8 ਜੂਨ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਸਿਲਸਿਲੇ ਵਿਚ ਐਤਵਾਰ ਤੋਂ ਹੀਟ ਵੇਵ (ਗਰਮ ਹਵਾਵਾਂ) ਆਉਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਗਰਮੀ ਵਧੇਗੀ। ਇਸ ਕਾਰਨ ਜਨਤਾ ਨੂੰ ਫਿਰ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਵਿਭਾਗੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਵੀ ਹਨੇਰੀ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਇਸ ਕਾਰਨ ਮੌਸਮ ਖਰਾਬ ਹੋਣ ਦੇ ਨਾਲ-ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ ਜੇਕਰ ਮੀਂਹ ਪੈਂਦਾ ਹੈ ਤਾਂ ਮੁੜ ਗਰਮੀ ਤੋਂ ਰਾਹਤ ਮਿਲੇਗੀ। ਇਸ ਕਾਰਨ ਕੁਝ ਦਿਨ ਹੋਰ ਰਾਹਤ ਮਿਲ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਦਰਜ ਕੀਤਾ ਗਿਆ ਅਤੇ ਗੁਰਦਾਸਪੁਰ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇਸੇ ਲੜੀ ਤਹਿਤ ਫਾਜ਼ਿਲਕਾ (ਅਬੋਹਰ) ਵਿੱਚ ਘੱਟੋ-ਘੱਟ ਤਾਪਮਾਨ 20.5 ਡਿਗਰੀ ਦਰਜ ਕੀਤਾ ਗਿਆ।