ਜਲੰਧਰ : ਜਲੰਧਰ ‘ਚ ਇਕ ਸੇਵਾਮੁਕਤ ਤਹਿਸੀਲਦਾਰ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਸੇਵਾਮੁਕਤ ਤਹਿਸੀਲਦਾਰ ਨੂੰ ਧੋਖਾ ਦੇ ਕੇ ਸਾਰੇ ਪੈਸੇ ਲੈ ਕੇ ਕੈਨੇਡਾ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕੇਸ ਦਰਜ ਹੋਣ ਤੋਂ ਪਹਿਲਾਂ ਹੀ ਕੈਨੇਡਾ ਭੱਜ ਗਿਆ ਸੀ। ਪੀੜਤ ਇੱਕ ਸੇਵਾਮੁਕਤ ਤਹਿਸੀਲਦਾਰ ਸੀ ਜਿਸ ਦੀ ਪਛਾਣ ਕਰਨੈਲ ਸਿੰਘ ਵਜੋਂ ਹੋਈ ਹੈ, ਜੋ ਮਾਰਚ 2020 ਵਿੱਚ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਇਆ ਸੀ। ਉਸ ਨੇ ਆਪਣੀ ਬਚਤ ਦਾ ਜ਼ਿਆਦਾਤਰ ਹਿੱਸਾ ਜਲੰਧਰ ਜ਼ਿਲ੍ਹੇ ਦੀ ਇੱਕ ਫਾਰਮਾਸਿਊਟੀਕਲ ਫਰਮ ਵਿੱਚ ਨਿਵੇਸ਼ ਕੀਤਾ ਸੀ, ਪਰ ਉਸ ਦੇ ਸਾਥੀ ਨੇ ਉਸ ਨਾਲ 38.5 ਲੱਖ ਰੁਪਏ ਦੀ ਧੋਖਾਧੜੀ ਕੀਤੀ। ਜਲੰਧਰ ਕਮਿਸ਼ਨਰੇਟ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਉਹ ਪਹਿਲਾਂ ਹੀ ਕੈਨੇਡਾ ਚਲਾ ਗਿਆ ਹੈ।
ਤਹਿਸੀਲਦਾਰ ਕਰਨੈਲ ਸਿੰਘ ਨੇ ਬੀਤੀ ਫਰਵਰੀ ਵਿੱਚ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਹਰਦੀਪ ਕੁਮਾਰ ਵਾਸੀ ਆਬਾਦਪੁਰਾ, ਜਲੰਧਰ ਤੋਂ ਘੱਟ ਕੀਮਤ ’ਤੇ ਦਵਾਈਆਂ ਲਿਆਉਂਦਾ ਸੀ, ਜਿਸ ਕਾਰਨ ਦੋਵੇਂ ਚੰਗੇ ਦੋਸਤ ਬਣ ਗਏ ਸਨ। ਜਦੋਂ ਉਹ ਸੇਵਾਮੁਕਤ ਹੋਇਆ ਤਾਂ ਹਰਦੀਪ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਵਿਹਲੇ ਰਹਿਣ ਦੀ ਬਜਾਏ ਕੋਈ ਕਾਰੋਬਾਰ ਕਰੇ। ਹਰਦੀਪ ਇੱਕ ਫਾਰਮਾਸਿਊਟੀਕਲ ਫਰਮ ਵਿੱਚ ਕੰਮ ਕਰਦਾ ਸੀ ਅਤੇ ਉਸਨੇ ਕਿਹਾ ਕਿ ਮਾਲਕ ਕੈਨੇਡਾ ਜਾ ਰਿਹਾ ਹੈ ਅਤੇ ਅਸੀਂ ਇਸਨੂੰ ਖਰੀਦ ਸਕਦੇ ਹਾਂ। ਕਰਨੈਲ ਸਿੰਘ ਨੇ ਦੱਸਿਆ ਕਿ ਅਸੀਂ ਫਿਰ ਇੱਕ ਮੈਮੋਰੰਡਮ ‘ਤੇ ਦਸਤਖਤ ਕੀਤੇ ਅਤੇ ਮੈਂ 75% ਸ਼ੇਅਰ ਲਈ 33 ਲੱਖ ਰੁਪਏ ਦਾ ਨਿਵੇਸ਼ ਕੀਤਾ, ਜਦਕਿ ਹਰਦੀਪ ਨੇ 11 ਲੱਖ ਰੁਪਏ ਦਾ ਨਿਵੇਸ਼ ਕੀਤਾ। ਇਸ ਤੋਂ ਬਾਅਦ ਕਰਨੈਲ ਸਿੰਘ ਨੇ ਉਸ ਨੂੰ 5.56 ਲੱਖ ਰੁਪਏ ਹੋਰ ਦੇ ਦਿੱਤੇ। ਇਸ ਤੋਂ ਬਾਅਦ ਉਸ ਦੀ ਭਰਜਾਈ ਕੈਂਸਰ ਤੋਂ ਪੀੜਤ ਹੋਣ ਕਾਰਨ ਉਸ ਨੂੰ 6 ਮਹੀਨੇ ਚੰਡੀਗੜ੍ਹ ਰਹਿਣਾ ਪਿਆ।
ਇਸ ਦੌਰਾਨ ਹਰਦੀਪ ਸਾਰੀ ਰਕਮ ਗਬਨ ਕਰ ਕੇ ਪਿਛਲੇ ਸਾਲ ਅਕਤੂਬਰ ਵਿੱਚ ਕੈਨੇਡਾ ਚਲਾ ਗਿਆ। ਸੇਵਾਮੁਕਤ ਤਹਿਸੀਲਦਾਰ ਕਰਨੈਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਫਰਮ ਦਾ ਦਫਤਰ ਖੋਲ੍ਹਿਆ ਤਾਂ ਦੇਖਿਆ ਕਿ ਉਥੇ ਬਹੁਤ ਘੱਟ ਦਵਾਈਆਂ ਪਈਆਂ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੀ ਮਿਆਦ ਪੁੱਗ ਚੁੱਕੀ ਸੀ। ਲੇਖਾ-ਜੋਖਾ ਦਾ ਵੀ ਕੋਈ ਰਿਕਾਰਡ ਨਹੀਂ ਸੀ। ਮੁੱਢਲੀ ਜਾਂਚ ਤੋਂ ਬਾਅਦ, ਪੁਲਿਸ ਨੇ ਆਈਪੀਸੀ ਦੀ ਧਾਰਾ 406 ਅਤੇ 420 ਦੇ ਤਹਿਤ ਵਿਸ਼ਵਾਸਘਾਤ ਅਤੇ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ।