ਬਰਨਾਲਾ: ਬਰਨਾਲਾ ਪੁਲਿਸ ਨੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਕਾਬੂ ਕਰਕੇ 03 ਪਿਸਟਲ, 09 ਕਾਰਤੂਸ 32 ਬੋਰ ਜਿੰਦਾ ਸਮੇਤ 02 ਮੈਗਜੀਨ, ਇਕ ਮੋਟਰਸਾਇਕਲ ਨੰ.ਪੀਬੀ.73ਏ-1526 ਮਾਰਕਾ ਪਲਟੀਨਾ ਅਤੇ ਸਵਿਫਟ ਕਾਰ ਨੰਬਰੀ ਪੀਬੀ-19ਐਲ-8100 ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ | SSP ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ |
ਇਸ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ, ਜਦੋਂ ਸੰਦੀਪ ਸਿੰਘ ਮੰਡ ਪੀਪੀਐਸ ਕਪਤਾਨ ਪੁਲਿਸ (ਇੰਨ) ਬਰਨਾਲਾ, ਰਜਿੰਦਰਪਾਲ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨ) ਬਰਨਾਲਾ, ਮਾਨਵਜੀਤ ਸਿੰਘ ਪੀ.ਪੀ.ਐਸ.ਉਪ ਕਪਤਾਨ ਪੁਲਿਸ, ਸਬ ਡਿਵੀਜਨ ਤਪਾ ਦੀ ਅਗਵਾਈ ਹੇਠ 50 ਲੱਖ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ | ਜ਼ਿਕਰਯੋਗ ਹੈ ਕਿ ਮਿਤੀ 08 ਜੁੁਲਾਈ ਨੂੰ ਸੱਤਪਾਲ ਉਰਫ਼ ਸੱਤਪਾਲ ਮੌੜ ਵਾਸੀ ਤਪਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸਦੇ ਫੋਨ ਨੰਬਰ ‘ਤੇ ਇੰਟਰਨੈਸ਼ਨਲ ਨੰਬਰਾਂ ਤੋਂ ਵਟਸਐਪ ਕਾਲਾਂ ਆ ਰਹੀਆਂ ਹਨ ਜੋ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਲੱਕੀ ਪਟਿਆਲ ਦੱਸ ਰਿਹਾ ਸੀ ਅਤੇ ਜਿਸਨੇ ਪ੍ਰਾਰਥੀ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਦੇ ਹੋਏ ਧਮਕੀ ਦਿੱਤੀ ਸੀ |
ਇਸ ਸੂਚਨਾ ਦੇ ਅਧਾਰ ‘ਤੇ ਕੇਸ ਥਾਣਾ ਤਪਾ ਵਿਖੇ ਦਰਜ ਕੀਤਾ ਗਿਆ | ਸੀ.ਆਈ.ਏ. ਸਟਾਫ਼ ਬਰਨਾਲਾ ਅਤੇ ਥਾਣਾ ਸ਼ਹਿਣਾ ਦੀ ਟੀਮ ਵੱਲੋਂ ਮੁਕੱਦਮੇ ਦੀ ਤਫਤੀਸ਼ ਪੂਰੀ ਡੂੰਘਾਈ ਅਤੇ ਤਕਨੀਕੀ ਢੰਗਾਂ ਨਾਲ ਅਮਲ ‘ਚ ਲਿਆਉਂਦੇ ਹੋਏ ਟੈਕਨੀਕਲ ਸੈਲ, ਬਰਨਾਲਾ ਦੀ ਮੱਦਦ ਨਾਲ ਗੁਰਪ੍ਰੀਤ ਸਿੰਘ ਗਿੱਲ ਪੁੱਤਰ ਨਛੱਤਰ ਸਿੰਘ ਵਾਸੀ ਗਿੱਲ ਪੱਤੀ ਮੌੜ ਨਾਭਾ, ਜ਼ਿਲ੍ਹਾ ਬਰਨਾਲਾ, ਨਿਰਮਲ ਸਿੰਘ ਉਰਫ਼ ਨਿੰਮਾ ਪੁੱਤਰ ਮਲਕੀਤ ਸਿੰਘ ਵਾਸੀ ਵਾਸੀ ਕਮਾਲ ਪੱਤੀ ਮੌੜ ਨਾਭਾ, ਜ਼ਿਲ੍ਹਾ ਬਰਨਾਲਾ, ਗੁਰਤੇਜ ਸਿੰਘ ਉਰਫ਼ ਕੁੰਡਾ ਪੁੱਤਰ ਰਣਜੀਤ ਸਿੰਘ ਵਾਸੀ ਕੋਠੇ ਦੁੱਲਮਸਰ ਮੌੜ ਨਾਭਾ, ਜ਼ਿਲ੍ਹਾ ਬਰਨਾਲਾ ਨੂੰ ਕਾਬੂ ਕੀਤਾ ਗਿਆ |
ਕੇਸ ਦੀ ਤਫਤੀਸ਼ ਦੌਰਾਨ ਜਗਸੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਸੁਖਾਨੰਦ, ਜ਼ਿਲ੍ਹਾ ਮੋਗਾ, ਗੁਰਵੀਰ ਸਿੰਘ ਪੁੱਤਰ ਰੁਪਿੰਦਰ ਵਾਸੀ ਮਾੜੀ ਮੁਸ਼ਤਫਾ, ਜ਼ਿਲ੍ਹਾ ਮੋਗਾ, ਲਵਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ (ਜੇਲ੍ਹ ਫਰੀਦਕੋਟ), ਗੁਰਪ੍ਰੀਤ ਸਿੰਘ ਉਰਫ਼ ਕੁੱਕੀ ਪੁੱਤਰ ਲਾਭ ਸਿੰਘ ਵਾਸੀ ਪੜੋਲ ਜ਼ਿਲ੍ਹਾ ਐਸ.ਏ.ਐਸ. ਨਗਰ (ਜੇਲ੍ਹ ਪਟਿਆਲਾ), ਗੁਰਪ੍ਰੀਤ ਸਿੰਘ ਉਰਫ਼ ਬਰਾੜ ਪੁੱਤਰ ਸਾਧੂ ਸਿੰਘ ਵਾਸੀ ਸੁੱਖਨੰਦ, ਜ਼ਿਲ੍ਹਾ ਮੋਗਾ (ਜੇਲ੍ਹ ਸ੍ਰੀ ਮੁਕਤਸਰ) ਨੂੰ ਨਾਮਜਦ ਕੀਤਾ ਗਿਆ | ਕਾਬੂ ਕੀਤੇ ਵਿਅਕਤੀ ਗੁਰਦੀਪ ਸਿੰਘ ਤੋਂ 03 ਪਿਸਟਲ, 09 ਕਾਰਤੂਸ 32 ਬੋਰ ਜਿੰਦਾ ਸਮੇਤ 02 ਮੈਗਜੀਨ, ਇਕ ਮੋਟਰਸਾਇਕਲ ਨੰ.ਪੀਬੀ.73ਏ-1526 ਮਾਰਕਾ ਪਲਟੀਨਾ ਅਤੇ ਜਗਸੀਰ ਸਿੰਘ ਗੁਰਵੀਰ ਸਿੰਘ ਪਾਸੋਂ ਸਵਿਫਟ ਕਾਰ ਨੰਬਰੀ ਪੀਬੀ-19ਐਲ-8100 ਬਰਾਮਦ ਕੀਤੀ ਗਈ |