ਗੁਰਦਾਸਪੁਰ ਪੁਲੀਸ ਨੇ ਪੁਲੀਸ ਨਾਕੇ ਦੌਰਾਨ ਗੱਡੀ ਵਿੱਚੋਂ 9 ਬੋਰੀਆਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਵਿੱਚ ਪੈਕ ਕੀਤੀ 3 ਲੱਖ 37 ਹਜ਼ਾਰ 500 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਪਰ ਮੁਲਜ਼ਮ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ’ਤੇ ਹੀ ਗੱਡੀ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ।
ਇਸ ਸਬੰਧੀ ਤਿੱਬੜ ਪੁਲੀਸ ਨੇ ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਿੱਬੜ ਥਾਣੇ ਵਿੱਚ ਤਾਇਨਾਤ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਪਾਰਟੀ ਸਮੇਤ ਸਮਾਜ ਵਿਰੋਧੀ ਅਨਸਰਾਂ ਦੀ ਭਾਲ ਵਿੱਚ ਔਜਲਾ ਰੇਲਵੇ ਕਰਾਸਿੰਗ ਪੁਲ ਨੇੜੇ ਲਿੰਕ ਸੜਕ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਔਜਲਾ ਪਿੰਡ ਵੱਲੋਂ ਇੱਕ ਵਾਹਨ ਆਉਂਦਾ ਦੇਖਿਆ ਗਿਆ। ਜਦੋਂ ਉਸ ਨੂੰ ਟਾਰਚ ਲਾਈਟ ਦੀ ਮਦਦ ਨਾਲ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਅਤੇ ਸਾਹਮਣੇ ਵਾਲੀ ਸੀਟ ‘ਤੇ ਬੈਠੇ ਵਿਅਕਤੀ ਨੇ ਕਾਰ ਨੂੰ ਰੋਕ ਲਿਆ ਅਤੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ।
ਕਾਰ ਦੀ ਚੈਕਿੰਗ ਕਰਨ ‘ਤੇ ਕਾਰ ‘ਚੋਂ 7 ਬੋਰੀਆਂ ਬਰਾਮਦ ਹੋਈਆਂ, ਜਿਸ ‘ਚ ਪਲਾਸਟਿਕ ਦੇ ਲਿਫਾਫਿਆਂ ‘ਚ ਪੈਕ 3,37,500 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਰਾਬ ਅਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।