ਜ਼ਿਲ੍ਹਾ ਕਪੂਰਥਲਾ ਦੇ ਐਸ.ਐਸ.ਪੀ. ਵਤਸਲਾ ਗੁਪਤਾ ਦੀ ਅਗਵਾਈ ‘ਚ ਫਗਵਾੜਾ ਪੁਲਸ ਨੇ ਨਕਲੀ ਦੁੱਧ ਅਤੇ ਘਿਓ ਬਣਾਉਣ ‘ਚ ਸ਼ਾਮਲ ਸ਼ਰਾਰਤੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਦੋਸ਼ੀ ਨੂੰ ਨਕਲੀ ਦੁੱਧ ਅਤੇ ਘਿਓ ਬਣਾਉਣ ‘ਚ ਵਰਤੀ ਜਾਂਦੀ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਨੇ ਨਕਲੀ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਨ ਵਾਲੇ ਹਨੀਫ ਉਰਫ ਰਫੀ ਪੁੱਤਰ ਉਮਰਦੀਨ ਵਾਸੀ ਖਰਲ ਕਲਾਂ ਥਾਣਾ ਭੋਗਪੁਰ ਜ਼ਿਲਾ ਜਲੰਧਰ ਦੇਹਤੀ ਨੂੰ ਕਾਬੂ ਕਰਕੇ ਉਸ ਕੋਲੋਂ 60 ਪੈਕੇਟ ਰਿਫਾਇੰਡ ਮਾਰਕਾ ਮਹਾਕੋਸ਼, 6 ਪੈਕੇਟ ਸੁੱਕਾ ਦੁੱਧ ਮਾਰਕਾ ਬਰਾਮਦ ਕੀਤਾ ਹੈ। ਹੈਲਥਹਾਰਡ ਕੋਲੋਂ 25 ਪੈਕੇਟ ਸਪਰੇ ਸੁੱਕਾ ਪਾਊਡਰ ਮਾਰਕਾ ਮੁਰਲੀ ਅਤੇ ਕਰੀਮ ਦੀ ਡੱਬੀ ਬਰਾਮਦ ਹੋਈ ਹੈ।
ਐੱਸ.ਪੀ. ਭੱਟੀ ਨੇ ਦੱਸਿਆ ਕਿ ਦੋਸ਼ੀ ਹਨੀਫ ਉਰਫ ਰਫੀ ਆਪਣੇ ਦੋ ਸਾਥੀਆਂ ਦੀ ਪਛਾਣ ਗੁਰਜਰ ਬਲਾਲ ਪੁੱਤਰ ਫਤਿਹ ਮੁਹੰਮਦ ਅਤੇ ਇਮਾਮ ਹੁਸੈਨ ਪੁੱਤਰ ਫਤਿਹ ਮੁਹੰਮਦ ਵਾਸੀ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ ਦੇ ਨਾਲ ਮਿਲ ਕੇ ਨਕਲੀ ਖਾਧ ਪਦਾਰਥ ਬਣਾਉਣ ਦਾ ਧੰਦਾ ਕਰਦੇ ਹਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਵਲਪਿੰਡੀ ਵਿੱਚ ਧਾਰਾ 420, 270 ਅਤੇ 7 ਈਸੀ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਫੂਡ ਇੰਸਪੈਕਟਰ ਪ੍ਰਭਜੋਤ ਕੌਰ ਨੂੰ ਵੀ ਦੇ ਦਿੱਤੀ ਗਈ ਹੈ। ਪੁਲਿਸ ਜਲਦ ਹੀ ਇਸ ਮਾਮਲੇ ‘ਚ ਸ਼ਾਮਲ ਮੁਲਜ਼ਮ ਗੁਰਜਰ ਬਲਾਲ ਅਤੇ ਇਮਾਮ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਵੇਗੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਹਨੀਫ਼ ਉਰਫ਼ ਰਫ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਵੱਲੋਂ ਮੁਲਜ਼ਮ ਹਨੀਫ਼ ਉਰਫ਼ ਰਫ਼ੀ ਤੋਂ ਪੁੱਛਗਿੱਛ ਜਾਰੀ ਹੈ। ਐਸਪੀ ਭੱਟੀ ਨੇ ਦੱਸਿਆ ਕਿ ਮਾਮਲੇ ਵਿੱਚ ਹੋਰ ਵੀ ਸਨਸਨੀਖੇਜ਼ ਖੁਲਾਸੇ ਹੋ ਸਕਦੇ ਹਨ।..